ਕੀ ਤੁਸੀਂ ਆਪਣੇ ਕਾਰਜ ਸਥਾਨ ਵਿੱਚ ਟ੍ਰੇਡ ਯੂਨੀਅਨ ਲਿਆਉਣ ਬਾਰੇ ਸੋਚ ਰਹੇ ਹੋ?
ਇਹ ਪੰਨਾ ਇਸਦਾ ਸਾਰ ਮੁਹੱਈਆ ਕਰਦਾ ਹੈ:
- ਤੁਸੀਂ ਕਿਉਂ ਚਾਹੁੰਦੇ ਹੋ ਕਿ ਟ੍ਰੇਡ ਯੂਨੀਅਨ ਤੁਹਾਡੇ ਕਾਰਜ ਸਥਾਨ ਵਿਖੇ ਨੁਮਾਇੰਦਗੀ ਕਰੇ,
- ਤੁਹਾਡੇ ਕਾਰਜ ਸਥਾਨ ਵਿਖੇ ਟ੍ਰੇਡ ਯੂਨੀਅਨ ਨੁਮਾਇੰਦਗੀ ਕਰਵਾਉਣ ਦੀ ਪ੍ਰਕਿਰਿਆ (ਸਰਟੀਫਾਇਡ ਹੋਣਾ), ਅਤੇ
- ਸਰਟੀਫਿਕੇਸ਼ਨ ਪ੍ਰਕਿਰਿਆ ਦੇ ਦੌਰਾਨ ਕਰਮਚਾਰੀਆਂ ਦੇ ਕਨੂੰਨੀ ਹੱਕ ਅਤੇ ਇੰਪਲਾਇਰਾਂ ਦੀਆਂ ਜ਼ਿੰਮੇਵਾਰੀਆਂ।
ਇਸ ਪੰਨੇ ਦੇ ਅਖੀਰ ਵਿੱਚ, ਅਸੀਂ ਪ੍ਰਕਿਰਿਆ ਦੇ ਵਿਸਤਾਰ ਨਾਲ ਵਰਣਨ ਲਈ ਇੱਕ ਲਿੰਕ ਮੁਹੱਈਆ ਕੀਤਾ ਹੈ।
ਤੁਹਾਡੇ ਕਾਰਜ ਸਥਾਨ ਵਿੱਚ ਜੱਥੇਬੰਦੀ ਕਿਉਂ ਹੋਵੇ?
- ਬਿਹਤਰ ਮਜ਼ਦੂਰੀ
- ਪੈਨਸ਼ਨ
- ਮੈਡੀਕਲ ਅਤੇ ਡੈਂਟਲ ਫਾਇਦੇ
- ਸਿਖਾਂਦਰੂਪੁਣਿਆਂ ਤੱਕ ਪਹੁੰਚ
- ਟ੍ਰੇਨਿੰਗ ਤੱਕ ਪਹੁੰਚ
- ਕਈ ਇੰਪਲਾਇਰ: ਇੱਕੋ ਛੱਤ ਦੇ ਹੇਠਾਂ ਕਈ ਇੰਪਲਾਇਰ ਹੋਣਾ, ਲਗਾਤਾਰ ਫੁਲ ਟਾਈਮ ਕੰਮ ਨੂੰ ਕਾਇਮ ਰੱਖਣ ਵਿੱਚ ਬਹੁਤ ਜ਼ਿਆਦਾ ਸਹਾਇਕ ਹੁੰਦਾ ਹੈ। ਜੇਕਰ ਤੁਹਾਡਾ ਮੌਜੂਦਾ ਇੰਪਲਾਇਰ ਮੰਦੀ ਦਾ ਸਾਮ੍ਹਣਾ ਕਰ ਰਿਹਾ ਹੈ, ਤਾਂ ਆਪਣੇ ਟ੍ਰੇਡ ਯੂਨੀਅਨ ਨੁਮਾਇੰਦੇ ਨੂੰ ਫੋਨ ਕਰੋ, ਤਾਂ ਜੋ ਉਹ ਤੁਹਾਡਾ ਅਗਲਾ ਪ੍ਰੋਜੈਕਟ ਲੱਭਣ ਵਿੱਚ ਤੁਹਾਡੀ ਸਹਾਇਤਾ ਕਰ ਸਕੇ।
- ਨੁਮਾਇੰਦਗੀ: ਅਸੀਂ ਸਾਡੇ ਮੈਂਬਰਾਂ ਦੇ ਹੱਕਾਂ, ਹਿੱਤਾਂ ਅਤੇ ਚਿੰਤਾਵਾਂ ਲਈ ਹਿਮਾਇਤ ਕਰਕੇ ਉਹਨਾਂ ਦੇ ਨਾਲ ਇੱਕ ਮਜ਼ਬੂਤ ਅਤੇ ਸਹਾਇਕ ਰਿਸ਼ਤਾ ਬਣਾਉਣ ਦਾ ਯਤਨ ਕਰਦੇ ਹਾਂ। ਸਾਡੇ ਟ੍ਰੇਡ ਯੂਨੀਅਨ ਨੁਮਾਇੰਦੇ ਉਸ ਖੇਤਰ ਤੋਂ ਆਉਂਦੇ ਹਨ, ਤੁਹਾਡੀ ਇੰਡਸਟਰੀ ਵਿੱਚ ਕੰਮ ਕਰ ਚੁੱਕੇ ਹਨ ਅਤੇ ਉਸ ਇੰਡਸਟਰੀ ਦੀਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਸਮਝਦੇ ਹਨ, ਜਿੱਥੇ ਤੁਸੀਂ ਕੰਮ ਕਰਦੇ ਹੋ
ਟ੍ਰੇਡ ਯੂਨੀਅਨ ਸਰਟੀਫਿਕੇਸ਼ਨ ਦੀ ਪ੍ਰਕਿਰਿਆ
ਤੁਹਾਡੇ ਕਾਰਜ ਸਥਾਨ ਦੀ ਜੱਥੇਬੰਦੀ ਕਰਨ ਲਈ, ਟ੍ਰੇਡ ਯੂਨੀਅਨ ਲਈ ਲਾਜ਼ਮੀ ਹੈ ਕਿ ਉਹ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਸਤੇ ਕਿਰਤੀ ਬੋਰਡ ਵੱਲੋਂ ਸਰਟੀਫਾਇਡ ਹੋਵੇ। ਇਸਨੂੰ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਆਖਿਆ ਜਾਂਦਾ ਹੈ।
ਸਰਟੀਫਿਕੇਸ਼ਨ ਲਈ ਪਹਿਲਾ ਕਦਮ, ਉਹਨਾਂ ਕਰਮਚਾਰੀਆਂ ਦੇ ਸਮੂਹ ਤੋਂ ਦਸਤਖ਼ਤ ਕੀਤੀਆਂ ਮੈਂਬਰਸ਼ਿਪ ਅਰਜ਼ੀਆਂ ਪ੍ਰਾਪਤ ਕਰਨਾ ਹੈ, ਜੋ ਚਾਹੁੰਦੇ ਹਨ ਕਿ ਟ੍ਰੇਡ ਯੂਨੀਅਨ ਉਹਨਾਂ ਦੀ ਨੁਮਾਇੰਦਗੀ ਕਰੇ। ਦਸਤਖ਼ਤ ਕੀਤੀਆਂ ਮੈਂਬਰਸ਼ਿਪ ਅਰਜ਼ੀਆਂ ਪੂਰੀ ਤਰ੍ਹਾਂ ਗੁਪਤ ਹੁੰਦੀਆਂ ਹਨ ਅਤੇ ਅਰਜ਼ੀਆਂ ਤੇ ਦਸਤਖ਼ਤ ਕਰਨ ਵਾਲੇ ਲੋਕਾਂ ਦੇ ਨਾਮ, BC ਦੇ ਲੇਬਰ ਰਿਲੇਸ਼ਨਸ ਬੋਰਡ (Labour Relations Board) ਦੇ ਸਿਵਾਏ ਕਿਸੇ ਨਾਲ ਸਾਂਝੇ ਨਹੀਂ ਕੀਤੇ ਜਾਣਗੇ।
ਦਸਤਖ਼ਤ ਕੀਤੀਆਂ ਮੈਂਬਰਸ਼ਿਪ ਅਰਜ਼ੀਆਂ ਵਰਤਦੇ ਹੋਏ ਸਰਟੀਫਿਕੇਸ਼ਨ ਹਾਸਲ ਕਰਨ ਦੇ ਦੋ ਰੂਟ ਹਨ:
- ਰੂਟ 1: ਸਿਰਫ ਟ੍ਰੇਡ ਯੂਨੀਅਨ ਮੈਂਬਰਸ਼ਿਪ ਦੀਆਂ ਅਰਜ਼ੀਆਂ: ਜੇਕਰ ਟ੍ਰੇਡ ਯੂਨੀਅਨ ਕੋਲ ਕੰਪਨੀ ਦੇ ਘੱਟੋ-ਘੱਟ 55% ਕਰਮਚਾਰੀਆਂ ਦੀਆਂ ਦਸਤਖ਼ਤ ਕੀਤੀਆਂ ਮੈਂਬਰਸ਼ਿਪ ਅਰਜ਼ੀਆਂ ਹਨ ਅਤੇ ਲੇਬਰ ਬੋਰਡ ਸੰਤੁਸ਼ਟ ਹੈ ਕਿ ਪ੍ਰਸਤਾਵਿਤ ਸੌਦੇਬਾਜੀ ਯੂਨਿਟ ਢੁੱਕਵੀਂ ਹੈ, ਤਾਂ ਲੇਬਰ ਬੋਰਡ ਬਿਨਾਂ ਵੋਟ ਦੇ ਟ੍ਰੇਡ ਯੂਨੀਅਨ ਨੂੰ ਸਰਟੀਫਾਇਡ ਕਰ ਦੇਵੇਗਾ।
- ਰੂਟ 2 – ਗੁਪਤ ਬੈਲਟ ਵੋਟ: ਜੇਕਰ ਟ੍ਰੇਡ ਯੂਨੀਅਨ ਕੋਲ ਕੰਪਨੀ ਦੇ ਘੱਟੋ-ਘੱਟ 45% ਕਰਮਚਾਰੀਆਂ ਦੀਆਂ ਦਸਤਖ਼ਤ ਕੀਤੀਆਂ ਮੈਂਬਰਸ਼ਿਪ ਅਰਜ਼ੀਆਂ ਹਨ, ਤਾਂ ਇਹ ਨਿਰਧਾਰਤ ਕਰਨ ਵਾਸਤੇ ਲੇਬਰ ਬੋਰਡ ਲਈ ਇੱਕ ਨੁਮਾਇੰਦਗੀ ਵੋਟ ਦਾ ਹੁਕਮ ਦੇਣਾ ਲਾਜ਼ਮੀ ਹੈ ਕਿ ਕਰਮਚਾਰੀ ਆਪਣੀ ਨੁਮਾਇੰਦਗੀ ਕਰਨ ਵਾਸਤੇ ਟ੍ਰੇਡ ਯੂਨੀਅਨ ਚਾਹੁੰਦੇ ਹਨ ਜਾਂ ਨਹੀਂ। ਜੇਕਰ ਜ਼ਿਆਦਾਤਰ ਕਰਮਚਾਰੀ ਟ੍ਰੇਡ ਯੂਨੀਅਨ ਦੇ ਪੱਖ ਵਿੱਚ ਵੋਟ ਪਾਉਂਦੇ ਹਨ ਅਤੇ ਲੇਬਰ ਬੋਰਡ ਸੰਤੁਸ਼ਟ ਹੈ ਕਿ ਪ੍ਰਸਤਾਵਿਤ ਸੌਦੇਬਾਜੀ ਯੂਨਿਟ ਢੁੱਕਵੀਂ ਹੈ, ਤਾਂ ਲੇਬਰ ਬੋਰਡ ਲਈ ਟ੍ਰੇਡ ਯੂਨੀਅਨ ਨੂੰ ਸਰਟੀਫਾਇਡ ਕਰਨਾ ਲਾਜ਼ਮੀ ਹੈ।
ਜਦੋਂ ਸਰਟੀਫਿਕੇਸ਼ਨ ਲਈ ਲੇਬਰ ਬੋਰਡ ਨੂੰ ਅਰਜ਼ੀ ਮਿਲਦੀ ਹੈ, ਤਾਂ ਲੇਬਰ ਬੋਰਡ ਕੰਪਨੀ ਦੇ ਰਿਕਾਰਡਾਂ ਦੁਆਰਾ ਪੁਸ਼ਟੀ ਕਰਦਾ ਹੈ ਕਿ ਟ੍ਰੇਡ ਯੂਨੀਅਨ ਨੇ ਰੂਟ 1 ਵਿੱਚ ਨਿਊਨਤਮ 55% ਅਤੇ ਰੂਟ 2 ਵਿੱਚ ਨਿਊਨਤਮ 45% ਨੂੰ ਪੂਰਾ ਕੀਤਾ ਹੈ। ਫੇਰ ਲੇਬਰ ਬੋਰਡ ਸੁਣਵਾਈ ਕਰੇਗਾ। ਜੇਕਰ ਕਨੂੰਨੀ ਸੁਣਵਾਈ ਵਿੱਚ ਕੋਈ ਸਮੱਸਿਆਵਾਂ ਪ੍ਰਗਟ ਨਹੀਂ ਕੀਤੀਆਂ ਜਾਂਦੀਆਂ ਅਤੇ 55% ਕਾਮਿਆਂ ਨੇ ਮੈਂਬਰਸ਼ਿਪ ਅਰਜ਼ੀਆਂ ਤੇ ਦਸਤਖ਼ਤ ਕੀਤੇ ਹਨ, ਤਾਂ ਲੇਬਰ ਬੋਰਡ ਟ੍ਰੇਡ ਯੂਨੀਅਨ ਨੂੰ ਸਰਟੀਫਾਇਡ ਕਰ ਦੇਵੇਗਾ। ਜੇਕਰ 45% ਕਾਮਿਆਂ, ਪਰੰਤੂ 55% ਤੋਂ ਘੱਟ ਕਾਮਿਆਂ ਨੇ ਮੈਂਬਰਸ਼ਿਪ ਅਰਜ਼ੀਆਂ ਤੇ ਦਸਤਖ਼ਤ ਕੀਤੇ ਹਨ ਤਾਂ ਵੋਟ ਪਾਈ ਜਾਵੇਗੀ। ਜੇਕਰ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਲਈ ਸਮੱਸਿਆਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ, ਤਾਂ ਲੇਬਰ ਬੋਰਡ ਟ੍ਰੇਡ ਯੂਨੀਅਨ ਦੀ ਸਰਟੀਫਿਕੇਸ਼ਨ ਅਰਜ਼ੀ ਨੂੰ ਰੋਕ ਲਵੇਗਾ, ਜਦੋਂ ਤੱਕ ਸਮੱਸਿਆਵਾਂ ਤੇ ਫੈਸਲਾ ਨਹੀਂ ਹੋ ਜਾਂਦਾ।
ਲੇਬਰ ਬੋਰਡ ਕਦੇ ਵੀ ਉਹਨਾਂ ਕਰਮਚਾਰੀਆਂ ਦਾ ਖੁਲਾਸਾ ਨਹੀਂ ਕਰਦਾ, ਜਿਹਨਾਂ ਨੇ ਟ੍ਰੇਡ ਯੂਨੀਅਨ ਦੀਆਂ ਅਰਜ਼ੀਆਂ ਤੇ ਦਸਤਖ਼ਤ ਕੀਤੇ ਹਨ ਜਾਂ ਦਸਤਖ਼ਤ ਨਹੀਂ ਕੀਤੇ ਹਨ। ਇੰਪਲਾਇਰ ਦੇ ਨਾਲ ਸਿਰਫ ਦਸਤਖ਼ਤ ਕੀਤੀਆਂ ਅਰਜ਼ੀਆਂ ਦੀ ਸੰਖਿਆ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ; ਤੁਹਾਡੀ ਗੁਪਤਤਾ ਸਮੁੱਚੀ ਪ੍ਰਕਿਰਿਆ ਦੇ ਦੁਆਰਾ ਸੁਰੱਖਿਅਤ ਹੈ।
ਕਰਮਚਾਰੀ ਦੇ ਹੱਕ
ਜਿਵੇਂ ਕਿ ਲੇਬਰ ਰਿਲੇਸ਼ਨਸ ਕੋਡ (Labour Relations Code) ਦੇ ਸੈਕਸ਼ਨ 4 ਵਿੱਚ ਦੱਸਿਆ ਗਿਆ ਹੈ, ਹਰੇਕ ਕਰਮਚਾਰੀ ਨੂੰ ਟ੍ਰੇਡ ਯੂਨੀਅਨ ਨਾਲ ਜੁੜਨ ਦਾ ਹੱਕ ਹੈ। ਲੇਬਰ ਰਿਲੇਸ਼ਨਸ ਕੋਡ ਦਾ ਸੈਕਸ਼ਨ 5 ਦੱਸਦਾ ਹੈ ਕਿ ਕਰਮਚਾਰੀ ਤੇ ਟ੍ਰੇਡ ਯੂਨੀਅਨ ਨਾਲ ਜੁੜਨ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਾਂ ਨੌਕਰੀ ਤੋਂ ਨਹੀਂ ਕੱਢਿਆ ਜਾ ਸਕਦਾ।
ਇੰਪਲਾਇਰ ਇਹ ਨਹੀਂ ਕਰ ਸਕਦਾ:
- ਕਿਸੇ ਕਰਮਚਾਰੀ ਨੂੰ ਬਰਖਾਸਤ, ਸਜ਼ਾ ਦੇਣਾ ਜਾਂ ਉਸਦੇ ਨਾਲ ਪੱਖਪਾਤ ਕਰਨਾ ਕਿਉਂਕਿ ਉਸਨੇ ਟ੍ਰੇਡ ਯੂਨੀਅਨ ਮੈਂਬਰਸ਼ਿਪ ਅਰਜ਼ੀ ਤੇ ਦਸਤਖ਼ਤ ਕੀਤੇ ਹਨ
- ਕਿਸੇ ਕਰਮਚਾਰੀ ਨੂੰ ਬਰਖਾਸਤ, ਸਜ਼ਾ ਦੇਣਾ ਜਾਂ ਉਸਦੇ ਨਾਲ ਪੱਖਪਾਤ ਕਰਨਾ ਕਿਉਂਕਿ ਉਸਨੇ ਕਿਸੇ ਵਿਅਕਤੀ ਨੂੰ ਟ੍ਰੇਡ ਯੂਨੀਅਨ ਮੈਂਬਰਸ਼ਿਪ ਅਰਜ਼ੀ ਤੇ ਦਸਤਖ਼ਤ ਕਰਨ ਲਈ ਉਤਸ਼ਾਹਿਤ ਕੀਤਾ ਹੈ
- ਕਿਸੇ ਕਰਮਚਾਰੀ ਨੂੰ ਬਰਖਾਸਤ, ਸਜ਼ਾ ਦੇਣਾ ਜਾਂ ਉਸਦੇ ਨਾਲ ਪੱਖਪਾਤ ਕਰਨਾ ਕਿਉਂਕਿ ਉਹ ਸਰਟੀਫਿਕੇਸ਼ਨ ਅਰਜ਼ੀ ਜਾਂ ਟ੍ਰੇਡ ਯੂਨੀਅਨ ਦੀਆਂ ਹੋਰਾਂ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਹੈ
- ਕਿਸੇ ਕਰਮਚਾਰੀ ਨੂੰ ਟ੍ਰੇਡ ਯੂਨੀਅਨ ਮੈਂਬਰਸ਼ਿਪ ਅਰਜ਼ੀ ਤੇ ਦਸਤਖ਼ਤ ਕਰਨ ਤੋਂ ਰੋਕਣ ਲਈ ਡਰਾਉਣਾ ਜਾਂ ਧਮਕਾਉਣਾ
- ਕਿਸੇ ਕਰਮਚਾਰੀ ਨੂੰ ਟ੍ਰੇਡ ਯੂਨੀਅਨ ਮੈਂਬਰਸ਼ਿਪ ਅਰਜ਼ੀ ਤੇ ਦਸਤਖ਼ਤ ਕਰਨ ਤੋਂ ਰੋਕਣ ਲਈ ਮਜ਼ਦੂਰੀ ਘਟਾ ਕੇ ਜਾਂ ਰੋਜ਼ਗਾਰ ਦੀ ਕੋਈ ਦੂਜੀ ਟਰਮ ਬਦਲ ਕੇ ਸਜ਼ਾ ਦੇਣਾ
- ਕਿਸੇ ਕਰਮਚਾਰੀ ਨੂੰ ਟ੍ਰੇਡ ਯੂਨੀਅਨ ਮੈਂਬਰਸ਼ਿਪ ਅਰਜ਼ੀ ਤੇ ਦਸਤਖ਼ਤ ਨਾ ਕਰਨ ਦੇ ਬਦਲੇ ਵਿੱਚ ਮਜ਼ਦੂਰੀ ਵਿੱਚ ਵਾਧਾ ਜਾਂ ਹੋਰ ਫਾਇਦਾ ਦੇਣ ਦਾ ਵਾਦਾ ਕਰਨਾ
ਜੇਕਰ ਤੁਸੀਂ ਕਰਮਚਾਰੀ ਹੋ ਅਤੇ ਤੁਹਾਨੂੰ ਉਪਰੋਕਤ ਗਤੀਵਿਧੀ ਬਾਰੇ ਪਤਾ ਲੱਗਾ ਹੈ, ਤਾਂ ਕਿਰਪਾ ਕਰਕੇ ਤੁਰੰਤ ਬ੍ਰੈਂਟ ਜੌਨਸਨ (Brent Johnston) ਨੂੰ 604-803-4246 ਜਾਂ bjohnston@dc38.ca ਤੇ ਸੰਪਰਕ ਕਰੋ
ਕੀ ਤੁਸੀਂ ਆਪਣੇ ਕਾਰਜ ਸਥਾਨ ਦੀ ਜੱਥੇਬੰਦੀ ਕਰਵਾਉਣਾ ਚਾਹੁੰਦੇ ਹੋ?
ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਬ੍ਰੈਂਟ ਜੌਨਸਨ, DC38 ਔਰਗੇਨਾਈਜ਼ਰ ਨੂੰ, 604-803-4246 ਤੇ ਜਾਂ bjohnston@dc38.ca ਤੇ ਸੰਪਰਕ ਕਰੋ
The document below is a more comprehensive explanation of the above summary.
Please click here to download the PDF if it doesn’t display below.